ਪਟਿਆਲਾ: 6 ਅਪ੍ਰੈਲ, 2019
ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ
ਅੱਜ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ ਸਭਾ’ ਦੇ ਸਹਿਯੋਗ ਨਾਲ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਤਿਹਾਸ ਦਾ ਅਸਲੀ ਸਿਰਜਕ ਸਾਧਾਰਨ ਬੰਦਾ ਇਤਿਹਾਸ ਵਿਚੋਂ ਸਦਾ ਮਨਫੀ ਹੁੰਦਾ ਆਇਆ ਹੈ। ਸਾਹਿਤ ਅਜਿਹੀਆਂ ਮਨਫੀ ਅਤੇ ਹਾਸ਼ੀਆਗ੍ਰਸਤ ਧਿਰਾਂ ਦੀ ਪੈਰਵੀ ਕਰਕੇ ਉਹਨਾਂ ਦੇ ਭਾਵਾਂ, ਜਜ਼ਬਾਤਾਂ ਅਤੇ ਵਿਚਾਰਾਂ ਨੂੰ ਜ਼ੁਬਾਨ ਦਿੰਦਾ ਹੈ। ਅਜੋਕੇ ਦੌਰ ਵਿਚ ਬੰਦੇ ਦੀ ਪਥਰਾਈ ਅਤੇ ਸੁੰਨ ਹੋਈ ਸੰਵੇਦਨਾ ‘ਤੇ ਚਿੰਤਾ ਪ੍ਰਗਟਾਉਂਦਿਆਂ ਉਹਨਾਂ ਕਿਹਾ ਕਿ ਅੱਧੀ ਸਦੀ ਪਹਿਲਾਂ ਜੋ ਅਮਾਨਵੀ ਕਾਰੇ ਬੰਦਾ ਭੀੜ-ਮਾਨਸਿਕਤਾ ਦੇ ਪ੍ਰਭਾਵ ਅਧੀਨ ਕਰਦਾ ਸੀ, ਅੱਜ ਅਜਿਹੇ ਅਮਾਨਵੀ ਵਰਤਾਰੇ ਖੂਨ ਦੇ ਰਿਸ਼ਤਿਆਂ ਨੂੰ ਵੀ ਕਲੰਕਿਤ ਕਰ ਰਹੇ ਹਨ। ਜਿਸ ਪਿੱਛੇ ਹੋਰਨਾਂ ਕਾਰਨਾਂ ਤੋਂ ਇਲਾਵਾ ਨਸ਼ਾ ਇਕ ਪ੍ਰਮੁੱਖ ਕਾਰਕ ਵਜੋਂ ਉੱਭਰਦਾ ਹੈ। ਉਹਨਾਂ ਕਿਹਾ ਕਿ ਚੰਗੇ ਸਮਾਜ ਦੀ ਸਿਰਜਨਾ ਦਾ ਰਾਹ ਚੰਗੇ ਸਾਹਿਤ ਥਾਣੀਂ ਹੋ ਕੇ ਗੁਜ਼ਰਦਾ ਹੈ। ਉਹਨਾਂ ਪੰਜਾਬੀ ਵਿਭਾਗ ਦੁਆਰਾ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਹਿਤ ਨਿਰੰਤਰ ਕੀਤੇ ਜਾਂਦੇ ਅਜਿਹੇ ਯਤਨਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ।
ਇਸ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਗੋਸ਼ਟੀ ਵਿਚ ਭਾਗ ਲੈ ਰਹੇ ਸਾਹਿਤ ਸਭਾ ਦੇ ਮੈਂਬਰ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੀਆਂ ਸਾਹਿਤਕ ਗੋਸ਼ਟੀਆਂ, ਨਵੀਆਂ ਕਲਮਾਂ ਲਈ ਅਜਿਹੀ ਜ਼ਰਖੇਜ਼ ਜ਼ਮੀਨ ਦੀ ਭੂਮਿਕਾ ਨਿਭਾਉਂਦੀਆਂ ਹਨ, ਜਿਨ੍ਹਾਂ ਵਿਚੋਂ ਅਜਿਹੇ ਚੰਗੇ ਵਿਚਾਰ ਅਤੇ ਭਾਵ ਫੁੱਟਦੇ ਹਨ ਜਿਹੜੇ ਚੰਗੇ ਸਮਾਜ ਦੀ ਸਿਰਜਣਾ ਦਾ ਆਧਾਰ ਬਣਦੇ ਹਨ।
ਇਸ ਕਲਾ ਮੰਚ ਰਾਹੀਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵੱਖੋ-ਵੱਖਰੇ ਸਾਹਿਤਕ ਰੂਪਾਂ ਜਰੀਏ ਆਪਣੀ ਕਲਾ ਅਤੇ ਸੰਵੇਦਨਾ ਨੂੰ ਪ੍ਰਗਟ ਕੀਤਾ। ਇਹਨਾਂ ਵਿਦਿਆਰਥੀਆਂ ਵਿਚ ਜਗਸੀਰ ਸ਼ਰਮਾ, ਹਰਸ਼ਦੀਪ ਤਾਹਿਰ, ਸਮਰੀਤ ਕੌਰ, ਅਰਵਿੰਦਰ ਕੌਰ, ਦੀਪਾਂਸ਼ੂ, ਗਗਨਦੀਪ ਕੌਰ, ਪ੍ਰਿੰਸ, ਚਮਕੌਰ ਸਿੰਘ, ਅਰਸ਼ਪ੍ਰੀਤ, ਪੁਸ਼ਪਿੰਦਰ ਸਿੰਘ, ਯਸ਼ਿਕਾ, ਮਨਪ੍ਰੀਤ ਕੌਰ, ਮੋਹਿਤ, ਸਤਨਾਮ ਸਿੰਘ ਤੇ ਹਿਤੈਸ਼ੀ ਸ਼ਾਮਲ ਸਨ। ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਰੁਪਿੰਦਰ ਸਿੰਘ ਢਿੱਲੋਂ ਨੇ ਵੀ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਡਾ. ਦਵਿੰਦਰ ਸਿੰਘ ਨੇ ਮੰਚ-ਸੰਚਾਲਨ ਦਾ ਕਾਰਜ ਬਾਖ਼ੂਬੀ ਨਿਭਾਇਆ। ਡਾ. ਮਨਜੀਤ ਕੌਰ ਨੇ ਵਿਦਿਆਰਥੀ ਕਵੀਆਂ ਦੀਆਂ ਕਾਵਿ-ਕਿਰਤਾਂ ਨੂੰ ਬੇਹੱਦ ਸਰਾਹਿਆ ਅਤੇ ਉਹਨਾਂ ਨੂੰ ਕਾਵਿ ਪੇਸ਼ਕਾਰੀ ਦੇ ਤਕਨੀਕੀ ਨੁਕਤਿਆਂ ਤੋਂ ਜਾਣੂ ਕਰਾਉਣ ਦੇ ਨਾਲ-ਨਾਲ ਧੰਨਵਾਦ ਦਾ ਮਤਾ ਵੀ ਪੇਸ਼ ਕੀਤਾ। ਇਸ ਮੌਕੇ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕਾਂ ਤੋਂ ਇਲਾਵਾ ਡਾ. ਰੁਪਿੰਦਰ ਸ਼ਰਮਾ (ਹਿੰਦੀ ਵਿਭਾਗ), ਡਾ. ਦਲਜੀਤ ਕੌਰ (ਪਬਲਿਕ ਐਡ. ਵਿਭਾਗ), ਪ੍ਰੋ. ਜਗਜੋਤ ਸਿੰਘ (ਸਮਾਜ ਸ਼ਾਸਤਰ ਵਿਭਾਗ) ਡਾ. ਪੂਜਾ ਬਾਂਸਲ (ਡਿਫੈਂਸ ਵਿਭਾਗ) ਅਤੇ ਭਰਵੀਂ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।